ਇਮੀਗ੍ਰੇਸ਼ਨ ਛਾਪਿਆਂ ਖ਼ਿਲਾਫ਼ ਪ੍ਰਦਰਸ਼ਨ ਪੂਰੇ ਅਮਰੀਕਾ ਵਿੱਚ ਫੈਲ ਰਿਹੈ

latest Newsਇਮੀਗ੍ਰੇਸ਼ਨ ਛਾਪਿਆਂ ਖ਼ਿਲਾਫ਼ ਪ੍ਰਦਰਸ਼ਨ ਪੂਰੇ ਅਮਰੀਕਾ ਵਿੱਚ ਫੈਲ ਰਿਹੈ

ਇਮੀਗ੍ਰੇਸ਼ਨ ਛਾਪਿਆਂ ਖ਼ਿਲਾਫ਼ ਪ੍ਰਦਰਸ਼ਨ ਪੂਰੇ ਅਮਰੀਕਾ ਵਿੱਚ ਫੈਲ ਰਿਹੈ

ਟਰੰਪ ਦਾ ਫ਼ੌਜੀ ਦਖ਼ਲ ਲੋਕਤੰਤਰ ’ਤੇ ਹਮਲਾ : ਗਵਰਨਰ ਗੈਵਿਨ ਨਿਊਸਮ

ਲਾਸ ਏਂਜਲਸ ਸ਼ਹਿਰ ਦੇ ਮੁੱਖ ਖੇਤਰਾਂ ’ਚ ਕਰਫਿਊ

ਲਾਸ ਏਂਜਲਸ : ਇਮੀਗ੍ਰੇਸ਼ਨ ਛਾਪਿਆਂ ਖ਼ਿਲਾਫ਼ ਸ਼ੁਰੂ ਹੋਏ ਪ੍ਰਦਰਸ਼ਨਾਂ ਦਾ ਦਾਇਰਾ ਹੁਣ ਪੂਰੇ ਅਮਰੀਕਾ ਵਿੱਚ ਫੈਲ ਰਿਹਾ ਹੈ ਅਤੇ ਇਸ ਹਫ਼ਤੇ ਹੋਰ ਪ੍ਰਦਰਸ਼ਨ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਟਰੰਪ ਨੇ ਨੈਸ਼ਨਲ ਗਾਰਡ ਅਤੇ ਮੈਰੀਨ ਬਲਾਂ ਨੂੰ ਬੁਲਾਇਆ ਹੈ। ਇਸ ਤਹਿਤ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕੀ ਜੀਵਨ ਸ਼ੈਲੀ ਲਈ ਖ਼ਤਰਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ ’ਤੇ ਲਾਸ ਏਂਜਲਸ ਵਿੱਚ ਨੈਸ਼ਨਲ ਗਾਰਡ ਅਤੇ ਮੈਰੀਨ ਬਲਾਂ ਦੀ ਨਫ਼ਰੀ ਵਧਾਉਣਾ ਪ੍ਰਦਰਸ਼ਨਾਂ ਨੂੰ ਦਬਾਉਣ ਦਾ ਸਿਰਫ਼ ਯਤਨ ਨਹੀਂ, ਸਗੋਂ ਲੋਕਤੰਤਰ ’ਤੇ ਹਮਲਾ ਹੈ।

ਉਨ੍ਹਾਂ ਟਰੰਪ ’ਤੇ ਦੋਸ਼ ਲਾਇਆ ਕਿ ਟਰੰਪ ਨੇ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਵਿੱਚ ‘ਫੌਜੀ ਜਾਲ’ ਵਿਛਾ ਦਿੱਤਾ ਹੈ। ਗਵਰਨਰ ਨੇ ਕਿਹਾ ਕਿ ਇਹ ਯੋਜਨਾਬੱਧ ‘ਜੰਗ’ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸਮਾਜ ਦੀ ਨੀਂਹ ਉਖਾੜਨਾ ਅਤੇ ਸ਼ਕਤੀ ਨੂੰ ਵ?ਹਾਈਟ ਹਾਊਸ ਅਧੀਨ ਕੇਂਦਰਿਤ ਕਰਨਾ ਹੈ। ਨਿਊਸਮ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸੂਬਿਆਂ ’ਚ ਵੀ ਫੌਜ ਸੱਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ’ਤੇ ਸਾਡੀਆਂ ਅੱਖਾਂ ਸਾਹਮਣੇ ਹਮਲਾ ਹੋ ਰਿਹਾ ਹੈ, ਜਿਸ ਪਲ ਦਾ ਸਾਨੂੰ ਡਰ ਸੀ, ਉਹ ਆ ਗਿਆ ਹੈ।

ਪ੍ਰਦਰਸ਼ਨਾਂ ਦੇ ਮੱਦੇਨਜ਼ਰ ਡੋਨਲਡ ਟਰੰਪ ਨੇ ਵਿਦਰੋਹ ਐਕਟ ਨੂੰ ਲਾਗੂ ਕਰਨ ਦੀ ਸੰਭਾਵਨਾ ਖੁੱਲ੍ਹੀ ਰੱਖੀ ਹੈ। ਇਹ ਰਾਸ਼ਟਰਪਤੀ ਨੂੰ ਬਗ਼ਾਵਤ ਜਾਂ ਘਰੇਲੂ ਹਿੰਸਾ ਨੂੰ ਦਬਾਉਣ ਜਾਂ ਕੁਝ ਸਥਿਤੀਆਂ ਵਿੱਚ ਕਾਨੂੰਨ ਲਾਗੂ ਕਰਨ ਲਈ ਅਮਰੀਕਾ ਦੇ ਅੰਦਰ ਫੌਜੀ ਬਲਾਂ ਨੂੰ ਤਾਇਨਾਤ ਕਰਨ ਦਾ ਅਧਿਕਾਰ ਦਿੰਦਾ ਹੈ। ਬਾਅਦ ਵਿੱਚ ਰਾਸ਼ਟਰਪਤੀ ਨੇ ਫੋਰਟ ਬ੍ਰੈਗ ਵਿੱਚ ਅਮਰੀਕੀ ਫੌਜ ਦੀ 250ਵੀਂ ਵਰ੍ਹੇਗੰਢ ਮੌਕੇ ਸੰਬੋਧਨ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ‘ਜਾਨਵਰ’ ਅਤੇ ‘ਵਿਦੇਸ਼ੀ ਦੁਸ਼ਮਣ’ ਕਿਹਾ।

ਲਾਸ ਏਂਜਲਸ ਦੀ ਮੇਅਰ ਕੈਰੇਨ ਬਾਸ ਨੇ ਅੱਜ ਸ਼ਹਿਰ ਦੇ ਮੁੱਖ ਖੇਤਰਾਂ ਵਿੱਚ ਭੰਨ-ਤੋੜ ਅਤੇ ਲੁੱਟ-ਖੋਹ ਨੂੰ ਰੋਕਣ ਲਈ ਕਰਫਿਊ ਲਾ ਦਿੱਤਾ ਹੈ। ਬਾਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ਸਥਾਨਕ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਕਰਫਿਊ ਰਾਤ ਅੱਠ ਵਜੇ ਤੋਂ ਸਵੇਰੇ ਛੇ ਵਜੇ ਤੱਕ ਲਾਗੂ ਰਹੇਗਾ। ਬਾਸ ਨੇ ਕਿਹਾ ਕਿ 23 ਵਪਾਰਕ ਟਿਕਾਣਿਆਂ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਕਰਫਿਊ ਸ਼ਹਿਰ ਦੇ ਮੁੱਖ ਖੇਤਰ ਦੇ ਇੱਕ ਵਰਗ ਮੀਲ (2.59 ਵਰਗ ਕਿਲੋਮੀਟਰ) ਇਲਾਕੇ ਵਿੱਚ ਲਾਗੂ ਰਹੇਗਾ, ਜਿਸ ਵਿੱਚ ਉਹ ਖੇਤਰ ਵੀ ਸ਼ਾਮਲ ਹੈ, ਜਿੱਥੇ ਸ਼ੁੱਕਰਵਾਰ ਨੂੰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

Check out our other content

Check out other tags:

Most Popular Articles