ਟੈਕਸਾਂ ’ਤੇ ਲਾਈ ਰੋਕ ’ਚ ਵਾਧਾ ਨਹੀਂ ਹੋਵੇਗਾ : ਡੋਨਲਡ ਟਰੰਪ

latest Newsਟੈਕਸਾਂ ’ਤੇ ਲਾਈ ਰੋਕ ’ਚ ਵਾਧਾ ਨਹੀਂ ਹੋਵੇਗਾ : ਡੋਨਲਡ ਟਰੰਪ

ਟੈਕਸਾਂ ’ਤੇ ਲਾਈ ਰੋਕ ’ਚ ਵਾਧਾ ਨਹੀਂ ਹੋਵੇਗਾ : ਡੋਨਲਡ ਟਰੰਪ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਬਹੁਤੇ ਮੁਲਕਾਂ ’ਤੇ ਲਗਾਏ ਟੈਕਸ ਦੇ ਅਮਲ ’ਤੇ 90 ਦਿਨਾਂ ਦੀ ਰੋਕ ਦੀ ਮਿਆਦ ਨੂੰ 9 ਜੁਲਾਈ ਤੋਂ ਅੱਗੇ ਵਧਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਸ ਤਰੀਕ ਨੂੰ ਉਨ੍ਹਾਂ ਵੱਲੋਂ ਨਿਰਧਾਰਿਤ ਗੱਲਬਾਤ ਦੀ ਮਿਆਦ ਖਤਮ ਹੋ ਜਾਵੇਗੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 9 ਜੁਲਾਈ ਮਗਰੋਂ ਉਨ੍ਹਾਂ ਦਾ ਪ੍ਰਸ਼ਾਸਨ ਮੁਲਕਾਂ ਨੂੰ ਸੂਚਿਤ ਕਰੇਗਾ ਕਿ ਇਹ ਟੈਕਸ ਉਦੋਂ ਤੱਕ ਅਮਲ ਵਿਚ ਰਹਿਣਗੇ ਜਦੋਂ ਤੱਕ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ ਹੋ ਜਾਂਦਾ।

ਅਮਰੀਕੀ ਸਦਰ ਨੇ ਕਿਹਾ ਕਿ ਨਿਰਧਾਰਤ ਮਿਆਦ ਮੁੱਕਣ ਤੋਂ ਪਹਿਲਾਂ ਹੀ ਚਿੱਠੀ ਪੱਤਰ ਭੇਜਣੇ ਸ਼ੁਰੂ ਹੋ ਜਾਣਗੇ। ਟਰੰਪ ਨੇ ਫੌਕਸ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ, ‘‘ਅਸੀਂ ਦੇਖਾਂਗੇ ਕਿ ਕੋਈ ਮੁਲਕ ਨਾਲ ਸਾਡੇ ਨਾਲ ਕਿਹੋ ਜਿਹਾ ਵਿਹਾਰ ਕਰਦਾ ਹੈ। ਕੀ ਉਹ ਚੰਗੇ ਹਨ? ਕੀ ਉਹ ਇੰਨੇ ਚੰਗੇ ਨਹੀਂ ਹਨ? ਕੁਝ ਮੁਲਕਾਂ ਬਾਰੇ ਅਸੀਂ ਪ੍ਰਵਾਹ ਨਹੀਂ ਕਰਦੇ, ਅਸੀਂ ਬੱਸ ਉੱਚ ਟੈਕਸ ਦਾ ਪੱਤਰ ਭੇਜਾਂਗੇ।’’ ਟਰੰਪ ਨੇ ਕਿਹਾ ਕਿ ਚਿੱਠੀ ਪੱਤਰਾਂ ਵਿਚ ਲਿਖਿਆ ਹੋਵੇਗਾ, ‘‘ਵਧਾਈ ਹੋਵੇ, ਅਸੀਂ ਤੁਹਾਨੂੰ ਅਮਰੀਕਾ ਵਿਚ (ਆਪਣਾ ਸਾਮਾਨ) ਵੇਚਣ ਦੀ ਇਜਾਜ਼ਤ ਦੇ ਰਹੇ ਹਾਂ। ਤੁਹਾਨੂੰ 25 ਫੀਸਦ ਟੈਕਸ ਜਾਂ 35 ਫੀਸਦ ਜਾਂ 50 ਫੀਸਦ ਜਾਂ 10 ਫੀਸਦ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।’’ ਟਰੰਪ ਨੇ ਕਿਹਾ ਕਿ ਹਰੇਕ ਦੇਸ਼ ਨਾਲ ਵੱਖਰੇ ਤੌਰ ’ਤੇ ਵਪਾਰ ਸਮਝੌਤਾ ਸਿਰੇ ਚੜ੍ਹਨਾ ਕਾਫੀ ਮੁਸ਼ਕਲ ਹੋਵੇਗਾ। ਪ੍ਰਸ਼ਾਸਨ ਨੇ 90 ਦਿਨਾਂ ਵਿੱਚ 90 ਵਪਾਰਕ ਸੌਦੇ ਕਰਨ ਦਾ ਟੀਚਾ ਮਿੱਥਿਆ ਸੀ। ਉਨ੍ਹਾਂ ਕਿਹਾ, ‘‘ਗੱਲਬਾਤ ਚੱਲ ਰਹੀ ਹੈ, ਪਰ 200 ਦੇਸ਼ ਹਨ, ਤੁਸੀਂ ਉਨ੍ਹਾਂ ਸਾਰਿਆਂ ਨਾਲ ਗੱਲ ਨਹੀਂ ਕਰ ਸਕਦੇ।’’

ਟਰੰਪ ਨੇ ਸੰਭਾਵੀ ਟਿਕਟੌਕ ਸੌਦੇ, ਚੀਨ ਨਾਲ ਸਬੰਧਾਂ, ਇਰਾਨ ’ਤੇ ਹਮਲਿਆਂ ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਰਵਾਈ ’ਤੇ ਵੀ ਚਰਚਾ ਕੀਤੀ। ਟਰੰਪ ਨੇ ਕਿਹਾ, ‘‘ਉਂਝ ਸਾਡੇ ਕੋਲ ਟਿਕਟੌਕ ਲਈ ਇੱਕ ਖਰੀਦਦਾਰ ਹੈ। ਮੈਨੂੰ ਲਗਦਾ ਹੈ ਕਿ ਇਸ ਲਈ ਸ਼ਾਇਦ ਚੀਨ ਦੀ ਮਨਜ਼ੂਰੀ ਦੀ ਲੋੜ ਹੋਵੇਗੀ ਅਤੇ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਸ਼ੀ (ਜਿਨਪਿੰਗ) ਸ਼ਾਇਦ ਅਜਿਹਾ ਕਰਨਗੇ।’’

Check out our other content

Check out other tags:

Most Popular Articles